ਭਾਗ ੪ ਪਾਠ ੫. ਰੋਜ਼ਾਨਾ ਦੇ ਰੁਟੀਨ ਸਵੇਰ ਦਾ ਸਮਾਂ: ਦਿਨ ਦੀ ਸ਼ੁਰੂਆਤ ਜਾਗਣ ਲਈ ਇੱਕ ਨਿਯਤ ਸਮਾਂ ਰੱਖਣਾ ਅਤੇ ਫਿਰ ਦਿਨ ਦੀ ਸ਼ੁਰੂਆਤ ਕਰਨ ਲਈ ਕ੍ਰਮ ਵਿੱਚ ਕਈ ਚੀਜ਼ਾਂ ਕਰਨਾ ਮਦਦਗਾਰ ਹੁੰਦਾ ਹੈ। ਨਹਾਉਣ, ਦੰਦ ਬੁਰਸ਼ ਕਰਨ, ਕੱਪੜੇ ਪਾਉਣ ਅਤੇ ਫਿਰ ਨਾਸ਼ਤੇ ਲਈ ਬੈਠਣ ਬਾਰੇ ਸੋਚੋ। ਡਿਮੈਂਸ਼ੀਆ ਦੇ ਵਧਣ ਦੇ ਨਾਲ-ਨਾਲ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਨੂੰ ਇਹਨਾਂ ਵਿੱਚੋਂ ਹਰੇਕ ਗਤੀਵਿਧੀ ਵਿੱਚ ਮਦਦ ਦੀ ਲੋੜ ਪਵੇਗੀ ਪਰ ਤਣਾਅ ਨੂੰ ਘੱਟ ਕਰਨ ਦਾ ਇੱਕ ਤਰੀਕਾ ਹੈ ਬੁਨਿਆਦੀ ਰੁਟੀਨ ਨੂੰ ਜਿੰਨਾ ਸੰਭਵ ਹੋ ਸਕੇ ਇੱਕੋ-ਜਿਹਾ ਰੱਖਣਾ। ਦਿਨ ਦੇ ਦੌਰਾਨ, ਉਹਨਾਂ ਗਤੀਵਿਧੀਆਂ ਲਈ ਸਮਾਂ ਕੱਢਣ ਦੀ ਕੋਸ਼ੀਸ਼ ਕਰਨਾ ਵੀ ਮਹੱਤਵਪੂਰਨ ਹੈ ਜਿਨ੍ਹਾਂ ਵਿੱਚ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਆਨੰਦ ਆਉਂਦਾ ਹੈ, ਜਿਵੇਂ ਕਿ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਮਿਲਣ ਜਾਣਾ, ਸੈਰ ਕਰਨ ਜਾਣਾ, ਪੜ੍ਹਨਾ, ਗੇਮਾਂ ਖੇਡਣਾ, ਜਾਂ ਰੇਡੀਓ ਸੁਣਨਾ। ਇਹ ਗਤੀਵਿਧੀਆਂ ਵਿਅਕਤੀ ਦੀਆਂ ਪੁਰਾਣੀਆਂ ਦਿਲਚਸਪੀਆਂ ਅਤੇ ਮੌਜੂਦਾ ਸਮਰੱਥਤਾਵਾਂ ‘ਤੇ ਨਿਰਭਰ ਕਰਦੀਆਂ ਹਨ। ਡਿਮੈਂਸ਼ੀਆ ਦੇ ਸ਼ੁਰੂਆਤੀ ਪੜਾਵਾਂ ਵਿੱਚ, ਹੋ ਸਕਦਾ ਹੈ ਤੁਹਾਡੇ ਪਰਿਵਾਰ ਦਾ ਮੈਂਬਰ ਜਾਂ ਦੋਸਤ ਘੱਟੋ-ਘੱਟ ਮਾਰਗਦਰਸ਼ਨ ਨਾਲ ਉਹ ਕੰਮ ਕਰ ਸਕੇ ਜੋ ਉਹ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਜਿਵੇਂ-ਜਿਵੇਂ ਬਿਮਾਰੀ ਵੱਧਦੀ ਜਾਂਦੀ ਹੈ, ਗਤੀਵਿਧੀਆਂ ਨੂੰ ਬਦਲਣ ਜਾਂ ਸੋਧਣ ਦੀ ਲੋੜ ਪਵੇਗੀ ਤਾਂ ਜੋ ਉਹ ਹਾਲੇ ਵੀ ਉਹਨਾਂ ਦਾ ਆਨੰਦ ਮਾਣ ਸਕਣ। ਰੁਟੀਨ ਦਾ ਪਤਾ ਲਗਾਉਣ ਅਤੇ ਫਿਰ ਸਮੇਂ ਦੇ ਨਾਲ ਲੋੜ ਅਨੁਸਾਰ ਉਹਨਾਂ ਨੂੰ ਅਨੁਕੂਲ ਬਣਾਉਣ ਲਈ ਲਚਕਦਾਰ ਅਤੇ ਰਚਨਾਤਮਕ ਹੋਣਾ ਮਹੱਤਵਪੂਰਨ ਹੈ।